ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ
The Divine Representation of Compassion and Devotion: Sri Guru Har Rai Sahib Ji
ਗੁਰਮਤਿ ਵਿਚਾਰਧਾਰਾ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਹੈ। ਸਾਰੇ ਗੁਰੂ ਸਾਹਿਬਾਨ ਜੀ ਦੇ ਜੀਵਨ ਸਾਰੀ ਲੋਕਾਈ ਲਈ ਪ੍ਰੇਰਨਾ-ਸਰੋਤ ਹਨ। ਸਿੱਖੀ ਦਾ ਮੁੱਖ ਉਦੇਸ਼ ਹੀ ਸਮਾਜ ਦੀਆਂ ਸਮੱਸਿਆਵਾਂ ਨੂੰ ਸਾਵਾਂ-ਪੱਧਰਾ ਬਣਾ ਕੇ ਇਕ ਨਿਵੇਕਲੀ ਜੀਵਨ-ਜਾਚ ਸਿਖਾਉਣਾ ਹੈ। ਗੁਰੂ ਸਾਹਿਬਾਨ ਜੀ ਨੇ ਇਸ ਧਰਤੀ 'ਤੇ ਫੈਲੇ ਅਵਿੱਦਿਆ ਤੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਸਾਰੇ ਸੰਭਵ ਯਤਨ ਕੀਤੇ। ਸਤਵੇਂ ਪਾਤਸ਼ਾਹ ਸਤਿਗੁਰੂ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜੀਵਨ, ਸੰਸਾਰ ਨੂੰ ਦਇਆ ਤੇ ਦ੍ਰਿੜ੍ਹਤਾ ਵਿੱਚੋਂ ਜੀਵਨ-ਮੰਤਵ ਨੂੰ ਸਮਝਣ ਲਈ ਪ੍ਰੇਰਨਾ ਦਿੰਦਾ ਹੈ। ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ‘ਗੰਜ਼ਨਾਮਾ’ ਅੰਦਰ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਜੀ ਬਾਬਤ ਲਿਖਿਆ ਹੈ ਕਿ ਗੁਰੂ ਹਰਿ ਰਾਇ ਸੱਚ ਦੇ ਪਾਲਣਹਾਰੇ ਵੀ ਹਨ ਤੇ ਸੱਚ ਦੇ ਧਾਰਨੀ ਵੀ। ਗੁਰੂ ਕਰਤਾ ਹਰਿ ਰਾਇ ਸੁਲਤਾਨ ਵੀ ਹੈ ਤੇ ਦਰਵੇਸ਼ ਵੀ। ਗੁਰੂ ਕਰਤਾ ਹਰਿ ਰਾਇ ਦੋਹਾਂ ਜਹਾਨਾਂ ਦੀ ਬਖਸ਼ਿਸ਼ ਕਰਨ ਵਾਲਾ ਹੈ। ਗੁਰੂ ਕਰਤਾ ਹਰਿ ਰਾਇ ਲੋਕ-ਪਰਲੋਕ ਦੋਹਾਂ ਜਹਾਨਾਂ ਦਾ ਸਰਦਾਰ ਹੈ:
ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿ ਰਾਇ।
ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਿ ਰਾਇ॥੮੭॥
ਫ਼ਯਾਜ਼ੁਲ ਦਾਰੈਨ ਗੁਰੂ ਕਰਤਾ ਹਰਿ ਰਾਇ।
ਸਰਵਰਿ ਕੌਨਨ ਗੁਰੂ ਕਰਤਾ ਹਰਿ ਰਾਇ॥੮੮॥
ਮਹਾਂਕਵੀ ਭਾਈ ਸੰਤੋਖ ਸਿੰਘ ਜੀ, ਸਤਵੇਂ ਪਾਤਸ਼ਾਹ ਜੀ ਬਾਰੇ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਨਾਮ ਧਿਆਇਆਂ ਪਾਪ ਨੱਸ ਜਾਂਦੇ ਹਨ। ਤਾਂ ਤੇ ਹੇ ਮੇਰੇ ਮਨ! ਉਨ੍ਹਾਂ ਦੇ ਸ੍ਰੇਸ਼ਟ ਚਰਨਾਂ ਨੂੰ ਪ੍ਰਣਾਮ ਕਰ, ਜਿਸ ਤੋਂ ਤੂੰ ਰੂਹਾਨੀ ਭਗਤੀ ਪ੍ਰਾਪਤ ਕਰੇਂ -
ਸ੍ਰੀ ਸਤਿਗੁਰ ਹਰਿਰਾਇ ਕੇ ਨਾਇ ਧ੍ਯਾਇ ਅਘ ਜਾਂਇ।
ਕਰਿ ਪਦ ਪਰ ਪਰਣਾਮ ਕੋ, ਜਿਹ ਤੇ ਨਿਧਿ ਸਿਧਿ ਆਇ॥੧੭॥
(ਸ੍ਰੀ ਗੁਰੂ ਨਾਨਕ ਪ੍ਰਕਾਸ਼, ਪੂਰਬਾਰਧ ਅਧਯਾਯ ੧, ਪੰਨਾ ੩੮)
ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਦਇਆ, ਦ੍ਰਿੜ੍ਹਤਾ ਤੇ ਸਹਿਜ ਵਰਗੇ ਮਹਾਨ ਤੇ ਸ੍ਰੇਸ਼ਟ ਗੁਣਾਂ ਦੀ ਧਾਰਨੀ ਹੈ। ਅਸੀਂ ਆਪਣੇ ਜੀਵਨ ਵਿਚ ਵੇਖਦੇ ਹਾਂ ਕਿ ਜਿਸ ਮਨੁੱਖ ਵਿਚ ਵਧੇਰੇ ਗੁਣ ਹੁੰਦੇ ਹਨ, ਉਹ ਸੰਸਾਰ ਦੀਆਂ ਸੁੱਚੀਆਂ ਨਜ਼ਰਾਂ ਦਾ ਪਾਤਰ ਬਣਦਾ ਹੈ। ਉਹ ਸ਼ਖ਼ਸੀਅਤ ਕਿੰਨੀ ਲਾਸਾਨੀ ਤੇ ਅਨੂਪਮ ਹੋਵੇਗੀ, ਜਿਸ ਵਿਚ ਦਇਆ ਸੀ, ਸਹਿਜ ਵਿਚ ਵਿਚਰਨਾ ਜਿਸ ਦਾ ਸੁਭਾਅ ਸੀ ਅਤੇ ਦ੍ਰਿੜ੍ਹਤਾ ਵਰਗਾ ਗੁਣ ਜਿਸ ਨੂੰ ਵਿਰਸੇ ਵਿੱਚੋਂ ਪ੍ਰਾਪਤ ਹੋਇਆ ਸੀ!
ਐਸੀ ਮਹਾਨ ਸ਼ਖ਼ਸੀਅਤ ਦਾ ਪਾਵਨ ਪ੍ਰਕਾਸ਼ ੧੯ ਮਾਘ, ਸੰਮਤ ਨਾਨਕਸ਼ਾਹੀ ੧੬੧ ਮੁਤਾਬਿਕ, ੧੬ ਜਨਵਰੀ ੧੬੩੦ ਈ. ਨੂੰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਦੇ ਅਸਥਾਨ 'ਤੇ ਹੋਇਆ। ਬਾਬਾ ਗੁਰਦਿੱਤਾ ਜੀ, ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। (ਗੁਰੂ) ਹਰਿ ਰਾਇ ਸਾਹਿਬ ਜੀ ਦਾ ਬਚਪਨ ਆਪਣੇ ਦਾਦਾ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਵਿਚ ਬੀਤਿਆ। ਦਾਦਾ ਗੁਰੂ ਜੀ ਦੀ ਸਰਪ੍ਰਸਤੀ ਹੇਠ ਗੁਰਬਾਣੀ ਅਤੇ ਗੁਰ¬ਇਤਿਹਾਸ ਦੀ ਸਿੱਖਿਆ ਪ੍ਰਾਪਤ ਕੀਤੀ। ਬਾਲਕ ਹਰਿ ਰਾਇ ਜੀ ਹਮੇਸ਼ਾ ਸ਼ਾਂਤੀ ਸਰੂਪ ਰਹੇ। ਆਪ ਦੀ ਕੋਮਲਤਾ ਅਤੇ ਸ਼ਾਂਤੀ ਦੀਆਂ ਸਾਖੀਆਂ ਬਹੁਤ ਪ੍ਰਸਿੱਧ ਹਨ ਜਿਨ੍ਹਾਂ ’ਚੋਂ ਇਕ ਦਾ ਬ੍ਰਿਤਾਂਤ ਇਉਂ ਲਿਖਿਆ ਮਿਲਦਾ ਹੈ।
ਇਕ ਵਾਰ ਬਾਲਕ (ਗੁਰੂ) ਹਰਿ ਰਾਇ ਜੀ ਬਾਗ਼ ਦੀ ਸੈਰ ਕਰ ਰਹੇ ਸਨ ਕਿ ਅਚਾਨਕ ਇਕ ਖਿੜਿਆ ਹੋਇਆ ਫੁੱਲ ਆਪ ਦੇ ਜਾਮੇ ਨਾਲ ਅੜ ਕੇ ਜ਼ਮੀਨ 'ਤੇ ਡਿੱਗ ਪਿਆ। ਆਪ ਇਸ ਟੁੱਟੇ ਹੋਏ ਫੁੱਲ ਨੂੰ ਦੇਖ ਕੇ ਵੈਰਾਗ ਵਿਚ ਆਏ ਅਤੇ ਉਸ ਫੁੱਲ ਨੂੰ ਚੁੱਕ ਕੇ ਦੁਬਾਰਾ ਟਾਹਣੀ ਉੱਪਰ ਰੱਖਦੇ ਪਏ ਨੇ। ਪਰ ਟਾਹਣੀ ਅਤੇ ਫੁੱਲ ਦਾ ਟੁੱਟ ਚੁਕਾ ਸੰਬੰਧ ਨਾ ਜੁੜਦਾ ਤੱਕ ਕੇ ਬਹੁਤ ਰੋਸ ਪ੍ਰਗਟ ਕੀਤਾ। ਦਾਦਾ ਗੁਰੂ ਜੀ ਨੇ ਆਪ ਨੂੰ ਇਸ ਤਰ੍ਹਾਂ ਚਿੰਤਾਤੁਰ ਦੇਖ ਕੇ ਬਚਨ ਕੀਤਾ ਕਿ ਜਦੋਂ ਵਾਹਿਗੁਰੂ ਇਤਨਾ ਵੱਡਾ ਜਾਮਾ ਬਖਸ਼ੇ ਤਾਂ ਉਸ ਨੂੰ ਸੰਭਾਲ ਕੇ ਚੱਲਣਾ ਚਾਹੀਦਾ ਹੈ। ਇਸ ਗੁੱਝੀ ਰਮਜ਼ ਨੂੰ ਆਪ ਜੀ ਨੇ ਸਮਝ ਲਿਆ ਅਤੇ ਅੰਤ ਤਕ ਨਿਭਾਇਆ।
ਮੀਰੀ-ਪੀਰੀ ਦੇ ਮਾਲਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਆਪਣੇ ਪੁੱਤਰਾਂ, ਸਿੱਖਾਂ ਤੇ ਪੋਤਰਿਆਂ ਵਿੱਚੋਂ (ਗੁਰੂ) ਹਰਿਰਾਇ ਜੀ ਨੂੰ ਯੋਗ ਸਮਝਿਆ। ਆਪ ਜੀ ਦੀ ਉਮਰ ੧੪ ਸਾਲ ਦੀ ਸੀ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਸੰਮਤ ਨਾਨਕਸ਼ਾਹੀ ੧੭੬ ਮੁਤਾਬਿਕ, ੧੬੪੪ ਈ. ਨੂੰ ਗੁਰਿਆਈ (ਗੁਰੂ) ਹਰਿਰਾਇ ਜੀ ਨੂੰ ਸੌਂਪ ਗਏ ਸਨ। ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੇ ਸਤਵੇਂ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ।
ਗੁਰਗੱਦੀ 'ਤੇ ਬਿਰਾਜਮਾਨ ਹੁੰਦਿਆਂ ਹੀ ਆਪ ਜੀ ਨੇ ਅਨੁਭਵ ਕਰ ਲਿਆ ਕਿ ਗੁਰੂ ਨਾਨਕ ਸਾਹਿਬ ਦਾ ਸਰਬ-ਸਾਂਝੀਵਾਲਤਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਹੈ। ਉਨ੍ਹਾਂ ਪੰਜਾਬ ਤੋਂ ਬਾਹਰ ਗੁਰਸਿੱਖੀ ਦੇ ਪ੍ਰਚਾਰ ਲਈ ਭਰਪੂਰ ਯਤਨ ਕੀਤੇ। ਸਿੱਖੀ ਦੇ ਪ੍ਰਚਾਰਕਾਂ ਨਾਲ ਆਪਣੇ ਸੰਬੰਧ ਵਧੇਰੇ ਪ੍ਰੇਮਮਈ ਬਣਾ ਕੇ ਦੁਆਬੇ ਤੇ ਮਾਲਵੇ ਵਿਚ ਸਿੱਖੀ ਹੋਰ ਪ੍ਰਫੁੱਲਤ ਕੀਤੀ। ਇਕ ਵੈਰਾਗੀ ਸਾਧੂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਪ੍ਰਚਾਰਨ ਲਈ ਪ੍ਰੇਰਿਆ। ਉਸ ਸਾਧੂ ਦਾ ਨਾਂ 'ਭਗਤ ਭਗਵਾਨ' ਰੱਖਿਆ। ਇਹ ਸਾਧੂ ਸਿੱਖੀ ਦਾ ਬੜਾ ਵੱਡਾ ਪ੍ਰਚਾਰਕ ਬਣ ਕੇ ਵਿਚਰਿਆ। ਕੀਰਤਪੁਰ ਸਾਹਿਬ ਵਿਖੇ ਹੀ ਭਾਈ ਸੰਗਤੀਆ ਗੁਰੂ ਸਾਹਿਬ ਜੀ ਦੇ ਸੰਪਰਕ ਵਿਚ ਆਇਆ, ਜਿਸ ਦਾ ਨਵਾਂ ਨਾਂ ਭਾਈ ਫੇਰੂ ਜੀ ਰੱਖ ਕੇ ਦੁਆਬੇ ਵਿਚ ਪ੍ਰਚਾਰ ਲਈ ਭੇਜਿਆ। ਭਾਈ ਗੋਂਦੇ ਨੂੰ ਕਾਬਲ ਵਿਚ ਪ੍ਰਚਾਰ ਲਈ ਭੇਜਿਆ।
ਆਪ ਜੀ ਨੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਗਰੀਬਾਂ, ਅਨਾਥਾਂ ਤੇ ਲੋੜਵੰਦਾਂ ਲਈ ਲੰਗਰ ਚਲਾਏ ਜਾਣ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਦੇਸ਼ ਵੰਡ ਛਕਣ ਦੀ ਰੀਤ ਚੱਲਦੀ ਰਹੇ। ਆਪ ਜੀ ਬਚਨ ਕਰਦੇ ਸਨ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ; ਭਾਵ ਜੋ ਸ਼ਰਧਾ ਸਹਿਤ ਲੋੜਵੰਦ ਪ੍ਰਾਣੀ ਦੀ ਸੇਵਾ ਕਰੇਗਾ, ਸੋ ਗੁਰੂ-ਘਰ ਵਿਚ ਪ੍ਰਵਾਨ ਹੋਵੇਗਾ। ਗੁਰੂ ਸਾਹਿਬ ਜੀ ਨੇ ਸਿੱਖੀ ਨੂੰ ਵਿਰਸੇ ਵਿਚ ਮਿਲੀ ਸੰਗਤ ਤੇ ਪੰਗਤ ਨੂੰ ਨਵਾਂ ਰੂਪ ਦਿੱਤਾ।
ਜਿੱਥੇ ਆਪ ਜੀ ਲੋੜਵੰਦਾਂ, ਗਰੀਬਾਂ ਤੇ ਅਨਾਥਾਂ ਨੂੰ ਗੁਰੂ ਕੇ ਲੰਗਰ ਅਤੇ ਨਾਮ-ਦਾਰੂ ਦੇ ਕੇ ਅਰੋਗ ਤੇ ਸੁਖੀ ਕਰਦੇ ਸਨ, ਉਥੇ ਆਪ ਜੀ ਨੇ ਇਨਸਾਨਾਂ ਦੇ ਰੋਗੀ ਸਰੀਰਾਂ ਦੇ ਰੋਗ ਮਿਟਾਉਣ ਲਈ ਬੜਾ ਵੱਡਾ ਦਵਾਖਾਨਾ ਖੋਲ੍ਹਿਆ, ਜਿਸ ਵਿਚ ਬੜੀਆਂ ਕੀਮਤੀ ਤੇ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ। ਹਰ ਰੋਗੀ ਨੂੰ ਇਸ ਦਵਾਖਾਨੇ ਵਿੱਚੋਂ ਹਰ ਵੇਲੇ ਦਵਾਈ ਮੁਫ਼ਤ ਮਿਲਦੀ ਸੀ। ਦਿੱਲੀ ਦੇ ਬਾਦਸ਼ਾਹ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਵਿਰੋਧੀਆਂ ਵੱਲੋਂ ਧੋਖੇ ਨਾਲ ਰਾਜਗੱਦੀ ਦੀ ਲਾਲਸਾ ਅਧੀਨ ਖਾਣੇ ਵਿਚ ਸ਼ੇਰ ਦੀ ਮੁੱਛ ਦਾ ਇਕ ਵਾਲ ਖਵਾ ਦਿੱਤਾ ਗਿਆ ਸੀ, ਜਿਸ ਨਾਲ ਉਹ ਬੀਮਾਰ ਹੋ ਗਿਆ। ਵੈਦਾਂ, ਹਕੀਮਾਂ ਨੇ ਇਕ ਖਾਸ ਕਿਸਮ ਤੇ ਖਾਸ ਵਜ਼ਨ ਦੇ ਲੌਂਗ, ਹਰੜਾਂ ਤੇ ਗਜਮੋਤੀ, ਦਵਾਈ ਲਈ ਤਜਵੀਜ਼ ਕੀਤੇ। ਮੁਗ਼ਲ ਬਾਦਸ਼ਾਹ ਨੇ ਸਾਰੇ ਦੇਸ਼ ਵਿੱਚੋਂ ਇਨ੍ਹਾਂ ਵਸਤਾਂ ਦਾ ਪਤਾ ਕਰਵਾਇਆ ਪਰ ਇਹ ਚੀਜ਼ਾਂ ਗੁਰੂ-ਘਰ ਦੇ ਸਫ਼ਾਖਾਨੇ ਤੋਂ ਬਿਨਾਂ ਹੋਰ ਕਿਤਿਉਂ ਵੀ ਨਾ ਮਿਲੀਆਂ। ਦਾਰਾ ਸ਼ਿਕੋਹ ਇਥੋਂ ਦੀ ਦਵਾਈ ਨਾਲ ਰਾਜ਼ੀ ਹੋ ਗਿਆ। ਉਸ ਨੇ ਕੀਰਤਪੁਰ ਸਾਹਿਬ ਪਹੁੰਚ ਕੇ ਗੁਰੂ ਜੀ ਦਾ ਧੰਨਵਾਦ ਕੀਤਾ।
ਜਿੱਥੇ ਆਪ ਦਇਆ, ਸ਼ਾਂਤੀ ਅਤੇ ਕੋਮਲਤਾ ਦੇ ਭੰਡਾਰ ਸਨ, ਉਥੇ ਦ੍ਰਿੜ੍ਹਤਾ ਅਤੇ ਵਿਸ਼ਵਾਸ ਦੇ ਭੀ ਪਹਿਰੇਦਾਰ ਰਹੇ। ਗੁਰਬਾਣੀ ਦਾ ਸਤਿਕਾਰ ਕਾਇਮ ਰੱਖਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਤਪਰ ਰਹਿੰਦੇ ਸਨ। ਇਕ ਵਾਰ ਸਤਿਗੁਰੂ ਜੀ ਆਪਣੇ ਪਲੰਘ 'ਤੇ ਆਰਾਮ ਕਰ ਰਹੇ ਸਨ ਕਿ ਬਾਹਰੋਂ ਕੁਝ ਸੰਗਤਾਂ ਢੋਲਕੀ, ਛੈਣਿਆਂ ਨਾਲ ਗੁਰਬਾਣੀ ਦੇ ਸ਼ਬਦ ਗਾਇਨ ਕਰਦੀਆਂ ਆ ਰਹੀਆਂ ਸਨ। ਜਦੋਂ ਕੀਰਤਨ ਦੀ ਆਵਾਜ਼ ਅਚਾਨਕ ਸਤਿਗੁਰੂ ਜੀ ਦੇ ਕੰਨੀਂ ਪਈ ਤਾਂ ਬਹੁਤ ਕਾਹਲੀ ਨਾਲ ਆਪਣੇ ਪਲੰਘ ਤੋਂ ਉੱਠੇ ਤਾਂ ਠੋਕਰ ਲੱਗਣ ਕਰਕੇ ਆਪ ਦੇ ਪੈਰ ’ਤੇ ਜ਼ਖ਼ਮ ਹੋ ਗਿਆ, ਖੂਨ ਵਗਣ ਲੱਗ ਪਿਆ ਪਰ ਆਪ ਬਾਣੀ ਅਤੇ ਸੰਗਤ ਦੇ ਸਤਿਕਾਰ ਲਈ ਅਡੋਲ ਖੜ੍ਹੇ ਰਹੇ। ਕੀਰਤਨ ਦੀ ਸਮਾਪਤੀ ਹੋਣ ਤੋਂ ਬਾਅਦ ਜਦੋਂ ਸੰਗਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਬੈਠ ਗਈਆਂ, ਫਿਰ ਹੀ ਆਪ ਨੇ ਜ਼ਖ਼ਮ ਵੱਲ ਧਿਆਨ ਦਿੱਤਾ।
ਜਦੋਂ ਸ਼ਾਹਜਹਾਨ ਦੇ ਪੁੱਤਰਾਂ ਵਿਚ ੧੬੫੭ ਈ. ਨੂੰ ਦਿੱਲੀ ਦੇ ਤਖ਼ਤ ਲਈ ਆਪਸੀ ਲੜਾਈ ਹੋਈ ਤਾਂ ਦਾਰਾ ਸ਼ਿਕੋਹ ਔਰੰਗਜ਼ੇਬ ਤੋਂ ਹਾਰ ਖਾ ਕੇ ਲਾਹੌਰ ਵੱਲ ਨੂੰ ਦੌੜਿਆ। ਉਸ ਨੂੰ ਫੜਨ ਲਈ ਔਰੰਗਜ਼ੇਬ ਨੇ ਉਸ ਦੇ ਮਗਰ ਫੌਜ ਭੇਜੀ। ਦਾਰਾ ਸ਼ਿਕੋਹ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਗੋਇੰਦਵਾਲ ਸਾਹਿਬ ਵਿਚ ਮਿਲਿਆ ਤੇ ਸਹਾਇਤਾ ਲਈ ਬੇਨਤੀ ਕੀਤੀ। ਸ਼ਰਨ ਆਏ ਦਾਰਾ ਸ਼ਿਕੋਹ ਨੂੰ ਗੁਰੂ ਜੀ ਨੇ ਧੀਰਜ ਦਿੱਤਾ, ਪ੍ਰਸ਼ਾਦ ਛਕਾਇਆ ਤੇ ਵਿਦਾ ਕੀਤਾ। ਆਪ ੨੨੦੦ ਸੂਰਬੀਰ ਨਾਲ ਲੈ ਕੇ ਬਿਆਸ ਦਰਿਆ ਦੇ ਕੰਢੇ 'ਤੇ ਜਾ ਖਲੋਤੇ ਤੇ ਸਭ ਬੇੜੀਆਂ ਕਾਬੂ ਕਰ ਲਈਆਂ। ਇਸ ਤਰ੍ਹਾਂ ਉਨ੍ਹਾਂ ਨੇ ਫੌਜ ਨੂੰ ਇਕ ਦਿਨ ਦਰਿਆ ਪਾਰ ਕਰਨੋਂ ਰੋਕ ਲਿਆ। ਉਤਨੇ ਚਿਰ ਨੂੰ ਦਾਰਾ ਸ਼ਿਕੋਹ ਸੁਰੱਖਿਅਤ ਥਾਂ 'ਤੇ ਜਾ ਪੁੱਜਾ। ਇਸ ਗੱਲ ਦਾ ਪਤਾ ਬਾਅਦ ਵਿਚ ਔਰੰਗਜ਼ੇਬ ਨੂੰ ਵੀ ਲੱਗ ਗਿਆ।
ਇਧਰ ਧੀਰਮੱਲ ਦੇ ਅੰਦਰ ਗੁਰਗੱਦੀ ਪ੍ਰਾਪਤ ਕਰਨ ਦਾ ਲਾਲਚ ਹੋਰ ਵਧ ਗਿਆ। ਉਹ ਪਹਿਲਾਂ, ਪਹਿਲੇ ਬਾਦਸ਼ਾਹ ਸ਼ਾਹਜਹਾਨ ਨੂੰ ਵੀ ਚਿੱਠੀਆਂ ਲਿਖ ਕੇ ਭੇਜਦਾ ਰਿਹਾ ਸੀ ਕਿ ਛੇਵੇਂ ਗੁਰੂ ਜੀ ਨੇ ਉਸ ਦਾ ਗੁਰਤਾ-ਗੱਦੀ ਦਾ ਹੱਕ ਮਾਰ ਕੇ ਗੱਦੀ ਉਸ ਦੇ ਛੋਟੇ ਭਰਾ ਨੂੰ ਦੇ ਦਿੱਤੀ ਹੈ। ਜਦੋਂ ੧੬੬੦ ਈ. ਵਿਚ ਔਰੰਗਜ਼ੇਬ ਦੇ ਬਾਦਸ਼ਾਹ ਹੋਣ ਦਾ ਐਲਾਨ ਹੋਇਆ ਤਾਂ ਧੀਰਮੱਲ ਨੇ ਫਿਰ ਨਵੇਂ ਸਿਰਿਉਂ ਬਾਦਸ਼ਾਹ ਕੋਲ ਦਰਖ਼ਾਸਤ ਲਿਖ ਭੇਜੀ ਕਿ ਕਾਨੂੰਨ ਦੀ ਸਹਾਇਤਾ ਨਾਲ ਉਸ ਨੂੰ ਉਸ ਦਾ ਹੱਕ ਦਿਵਾਇਆ ਜਾਵੇ। ਬਾਦਸ਼ਾਹ ਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਦਿੱਲੀ ਦਾ ਹੱਕ ਦਿਵਾਇਆ ਜਾਵੇ। ਬਾਦਸ਼ਾਹ ਨੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਦਿੱਲੀ ਵਿਖੇ ਆਉਣ ਦਾ ਸੱਦਾ ਭੇਜਿਆ। ਗੁਰੂ ਜੀ ਆਪ ਤਾਂ ਨਾ ਗਏ ਪਰ ਆਪਣੇ ਵੱਡੇ ਪੁੱਤਰ ਰਾਮਰਾਇ ਨੂੰ ਦਿੱਲੀ ਭੇਜਿਆ, ਨਾਲ ਹੀ ਉਸ ਨੂੰ ਸਿੱਖਿਆ ਦਿੱਤੀ ਕਿ ਹਰ ਕਾਰਜ ਸਮੇਂ ਗੁਰੂ 'ਤੇ ਭਰੋਸਾ ਰੱਖਣਾ ਤੇ ਅੰਗ-ਸੰਗ ਸਮਝਣਾ।
ਰਾਮਰਾਇ ਬੜਾ ਚੁਸਤ ਤੇ ਹਾਜ਼ਰ-ਜੁਆਬ ਸੀ। ਗੁਰਬਾਣੀ ਤੇ ਗੁਰੂ-ਘਰ ਦੀ ਮਰਯਾਦਾ ਦੀ ਵੀ ਸੂਝ ਰੱਖਦਾ ਸੀ ਪਰ ਸ਼ਾਹੀ ਦਰਬਾਰ ਦੀ ਆਉ-ਭਗਤ ਤੇ ਸ਼ਾਨੋ-ਸ਼ੌਕਤ ਨੇ ਉਸ ਨੂੰ ਭਰਮਾ ਲਿਆ। ਉਸ ਨੂੰ ਗੁਰੂ-ਪਿਤਾ ਵੱਲੋਂ ਮਿਲੀ 'ਨਿਰਭਉ' ਤੇ 'ਨਿਰਵੈਰੁ' ਰਹਿਣ ਦੀ ਸਿੱਖਿਆ ਭੁੱਲ ਗਈ। ਹੰਕਾਰ ਵੱਸ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਕਰਾਮਾਤਾਂ ਵੀ ਵਿਖਾਈਆਂ। ਜਦੋਂ ਉਸ ਨੂੰ 'ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਆਿਰ' ਦੇ ਅਰਥਾਂ ਬਾਰੇ ਪੁੱਛਿਆ ਤਾਂ ਉਸ ਨੇ ਸ਼ਾਹੀ ਡਰ ਤੇ ਲਾਲਚ ਵਿਚ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਉਚਾਰੀ ਹੋਈ ਤੁਕ ‘ਮੁਸਲਮਾਨ’ ਦੀ ਥਾਂ ‘ਬੇਈਮਾਨ’ ਉਚਾਰ ਕੇ ਬਦਲ ਦਿੱਤੀ, ਜਿਸ ਨਾਲ ਮੁਗ਼ਲ ਬਾਦਸ਼ਾਹ ਖੁਸ਼ ਹੋ ਗਿਆ। ਪਰ ਜਦੋਂ ਸਤਿਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਦੁਬਾਰਾ ਰਾਮਰਾਇ ਨੂੰ ਮੂੰਹ ਨਹੀਂ ਲਗਾਇਆ ਅਤੇ ਗੁਰਬਾਣੀ ਦੇ ਸਤਿਕਾਰ ਤੇ ਗੁਰਮਤਿ ਦੇ ਆਦਰਸ਼ ਤੋਂ ਪੁੱਤਰ ਪਿਆਰ ਨੂੰ ਕੁਰਬਾਨ ਕਰ ਦਿੱਤਾ। ਆਪ ਜੀ ਨੇ ਫ਼ੁਰਮਾਇਆ ਕਿ ਕਰਾਮਾਤਾਂ ਦਿਖਾਉਣ ਵਾਲੇ ਤੇ ਬਾਣੀ ਦਾ ਅਪਮਾਨ ਕਰਨ ਵਾਲੇ ਦਾ ਦਰਸ਼ਨ ਵੀ ਨਾ ਕੀਤਾ ਜਾਵੇ ਤੇ ਉਸ ਨਾਲ ਕਿਸੇ ਕਿਸਮ ਦਾ ਵਿਹਾਰ ਨਾ ਰੱਖਿਆ ਜਾਵੇ। ਅੱਜ ਵੀ ਗੁਰੂ ਕੇ ਸਿੱਖ ਨੂੰ ਰਾਮਰਾਈਏ ਨਾਲ ਰੋਟੀ-ਬੇਟੀ ਦੀ ਸਾਂਝ ਰੱਖਣ ਦਾ ਹੁਕਮ ਨਹੀਂ ਹੈ।
ਦਇਆ ਤੇ ਦ੍ਰਿੜ੍ਹਤਾ ਦੀ ਸਾਕਾਰ ਮੂਰਤ, ਗੁਰੂ ਹਰਿ ਰਾਇ ਸਾਹਿਬ ਜੀ ਨੇ ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਗੁਰਗੱਦੀ ਦੀ ਮਹਾਨ ਜ਼ਿੰਮੇਵਾਰੀ ਯੋਗ ਅਧਿਕਾਰੀ ਨੂੰ ਸੌਂਪਣ ਦਾ ਫੈਸਲਾ ਕੀਤਾ। ਗੁਰੂ ਜੀ ਨੇ ਆਪਣੇ ਛੋਟੇ ਸਪੁੱਤਰ (ਗੁਰੂ) ਹਰਿਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਵਿਚ ਗੁਰਤਾ-ਗੱਦੀ ਨੂੰ ਸੰਭਾਲਣ ਦੀਆਂ ਯੋਗਤਾਵਾਂ ਮੌਜੂਦ ਸਨ, ਨੂੰ ਗੁਰਤਾ ਦਾ ਤਾਜ਼ ਪਹਿਨਾਇਆ। ਆਪ ੬ ਕੱਤਕ, ਸੰਮਤ ਨਾਨਕਸ਼ਾਹੀ ੧੯੩ ਮੁਤਾਬਿਕ, ੬ ਅਕਤੂਬਰ ੧੬੬੧ ਈ. ਨੂੰ ਜੋਤੀ-ਜੋਤਿ ਸਮਾ ਗਏ। ਗੁਰੂ ਜੀ ਦਾ ਅੰਤਮ ਸਸਕਾਰ ਪਤਾਲਪੁਰੀ, ਕੀਰਤਪੁਰ ਸਾਹਿਬ ਵਿਖੇ ਕੀਤਾ ਗਿਆ।
ਆਓ! ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਮਹਾਨ ਅਤੇ ਅਦੁੱਤੀ ਗੁਣਾਂ ਦਇਆ, ਸਹਿਜ, ਸ਼ਾਂਤੀ, ਦ੍ਰਿੜ੍ਹਤਾ ਤੇ ਪਰਉਪਕਾਰ ਆਦਿ ਦਾ ਅਮਲੀ ਜੀਵਨ ’ਚ ਸੰਚਾਰ ਕਰਕੇ ਅਸੀਂ ਗੁਰੂ ਪਾਤਸ਼ਾਹ ਦੇ ਸੱਚੇ ਸਿੱਖ ਹੋਣ ਦਾ ਮਾਣ ਹਾਸਲ ਕਰੀਏ!

Comments
Post a Comment