Battle of Saragarhi - biggest battle in world history - ਸਾਰਾਗੜ੍ਹੀ ਦਾ ਯੁੱਧ......




ਸਾਰਾਗੜ੍ਹੀ ਦਾ ਯੁੱਧ.......
#Battle of #Saragarhi

ਸਾਰਾਗੜ੍ਹੀ ਸਮੁੰਦਰੀ ਤਲ ਤੋਂ 6000 ਫੁੱਟ ਦੀ ਉਚਾਈ ‘ਤੇ ਪੈਂਦਾ ਇੱਕ ਪਿੰਡ ਹੈ। ਇਹ ਇਲਾਕਾ ਵਜੀਰਸਤਾਨ ਦਾ ਇਲਾਕਾ ਵੀ ਕਹਾਉਂਦਾ ਹੈ, ਜਿਸ ਦੇ ਪਹਾੜ ਬ੍ਰਿਟਿਸ਼ ਫਰੰਟੀਅਰ ਤੇ ਅਫਗਾਨਿਸਤਾਨ ਦੀ ਵੰਡ ਕਰਦੇ ਸਨ। ਸਾਰਾਗੜ੍ਹੀ ਸਮਾਨਾ ਘਾਟੀ ‘ਚ ਕੋਹਾਟ ਜ਼ਿਲ੍ਹੇ ਦਾ ਪਿੰਡ ਹੈ, ਜਿਥੋਂ ਕੁਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ ‘ਤੇ ਪੈਂਦਾ ਹੈ। ਇਸ ਚੌਕੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਹੈ ਕਿ ਲੋਕਹਾਰਟ ਕਿਲ੍ਹਾ ਤੇ ਗੁਲਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਾਰਾਗੜ੍ਹੀ ਸਥਿਤ ਹੈ। ਨਿਰੋਲ ਪਹਾੜੀ ਇਲਾਕਾ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਤੋਂ ਕਿਨਾਰਾ ਕਰ ਲਿਆ ਅਤੇ ਇਹ ਲੋਕ ਅੰਗਰੇਜ਼ਾਂ ਖਿਲਾਫ 1896 ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਖਲੋ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਵੀ ਬੜਾ ਮਹੱਤਵ ਰੱਖਦਾ ਸੀ। ਜਦੋਂ ਵੀ ਦਾਅ ਲਗਦਾ, ਪਠਾਣ, ਵਪਾਰੀਆਂ ਅਤੇ ਛੋਟੀਆਂ-ਛੋਟੀਆਂ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ। ਕਾਬੁਲ ਨੂੰ ਵਪਾਰ ਕਰਨ ਲਈ ਕੁਰਮ ਘਾਟੀ ਹੁਣ ਖਤਰਿਆਂ ਵਿੱਚ ਘਿਰ ਚੁੱਕੀ ਸੀ। ਸਮਾਨਾ ਚੋਟੀ ‘ਤੇ ਅੰਗਰੇਜ਼ 5 ਸਾਲ ਤੋਂ ਕਬਜ਼ਾ ਜਮਾਈ ਬੈਠੇ ਸਨ। 31 ਦਸੰਬਰ, 1896 ਨੂੰ ਕੁਹਾਟ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਨਾ ਘਾਟੀ ਦੀ ਉੱਪਰ ਵਾਲੀ ਚੋਟੀ ‘ਤੇ ਕਬਜ਼ਾ ਕਰਨ ਦਾ ਹੁਕਮ ਸੁਣਾਇਆ ਗਿਆ। ਇਸ ਕਾਰਜ ਲਈ ਬਟਾਲੀਅਨ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ। ਰਾਈਟ ਵਿੰਗ ਦੀ ਕਮਾਂਡ ਲੈਫਟੀਨੈਂਟ ਕਰਨਲ ਮਿਸਟਰ ਹੈਗਟਨ ਨੂੰ ਸੌਂਪੀ ਗਈ, ਜਿਸ ਨੇ 2 ਜਨਵਰੀ, 1897 ਨੂੰ ਲਾਕਹਾਰਟ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਸੀ। ਇਸ ਪਲਟਣ ਦੀਆਂ ਟੁਕੜੀਆਂ ਕਿਲ੍ਹੇ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸਾਰਾਗੜ੍ਹੀ, ਦਾਰ, ਸੰਗਰ, ਸਰਟਰੋਪ, ਕੁਰੈਗ ਤੇ ਗੁਲਸਤਾਨ ਵਰਗੀਆਂ ਨਾਜ਼ੁਕ ਥਾਂਵਾਂ ‘ਤੇ ਤਾਇਨਾਤ ਸਨ। ਉੱਪਰ 8 ਜਨਵਰੀ ਨੂੰ ਲੈਫਟ ਵਿੰਗ ਜੋ ਕਿ ਕੈਪਟਨ ਡਬਲਿਊ. ਵੀ. ਗਾਰਡਨ ਅਧੀਨ ਸੀ, ਨੇ ਪਰਚਿਨਾਰ ‘ਤੇ ਕਬਜ਼ਾ ਕਰ ਲਿਆ। ਥਲ ਤੇ ਸਾਦਾ ਨਾਮਕ ਚੌਕੀਆਂ ‘ਤੇ ਵੀ ਇਸ ਲੈਫਟ ਵਿੰਗ ਦਾ ਹੀ ਕਬਜ਼ਾ ਸੀ। ਇਸ ਬਗੈਰ ਕੁਝ ਰਾਖਵੀਂ ਸੈਨਾ ਵੀ ਰੱਖ ਲਈ ਗਈ ਤਾਂ ਕਿ ਲੋੜ ਪੈਣ ‘ਤੇ ਇਸ ਦੀ ਵਰਤੋਂ ਕੀਤੀ ਜਾ ਸਕੇ।
27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਵਿਚਕਾਰ (ਉੜੈਕਜਿਜ਼) ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ‘ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ ਪਰ ਸਮਾਨਾ ਪੋਸਟ ਉੱਪਰ 10000 ਕਬਾਇਲੀਆਂ ਦੇ 4 ਹਮਲਿਆਂ ਨੂੰ ਵੀ ਅਸਫਲ ਬਣਾ ਦਿੱਤਾ ਗਿਆ। ਇਸ ਉਪਰੰਤ ਕਬਾਇਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ-ਮਸ਼ਵਰਾ ਕਰਕੇ ਸਾਰਾਗੜ੍ਹੀ ‘ਤੇ ਹਮਲੇ ਦੀ ਯੋਜਨਾ ਬਣਾ ਲਈ, ਕਿਉਂਕਿ ਇਸ ਚੌਕੀ ਦੀ ਰਾਖੀ ਲਈ 21 ਜਵਾਨਾਂ ਦੀ ਨਫਰੀ ਬਹੁਤ ਹੀ ਘੱਟ ਸੀ। ਉਨ੍ਹਾਂ ਇਸ ਚੌਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹਮਲੇ ਨਾਲ ਹੱਲਾ ਬੋਲ ਦਿੱਤਾ। ਇਸ ਹਮਲੇ ਨਾਲ ਇਸ ਚੌਕੀ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਇਸ ਚੌਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ ਕੋਲ ਸੀ। ਦੁਸ਼ਮਣਾਂ ਨੇ ਬਾਬਾ ਈਸ਼ਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਕਿ ਉਹ ਚੌਕੀ ਖਾਲੀ ਕਰ ਦੇਵੇ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਤੇ ਹੋਰ ਇਨਾਮ ਦਿੱਤੇ ਜਾਣਗੇ ਪਰ ਬਾਬਾ ਜੀ ਬੜੇ ਅਣਖੀਲੇ ਸੁਭਾਅ ਵਾਲੇ ਸਨ। ਕਰਨਲ ਹਾਰਟਨ ਲੋਕਹਾਰਟ ਦੇ ਕਿਲ੍ਹੇ ਤੋਂ ਸਭ ਕੁਝ ਤੱਕ ਰਿਹਾ ਸੀ। ਉਸ ਨੇ ਹੋਰ ਕੁਮਕ ਬਾਬਿਆਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ ਪਰ ਅਸਫਲ ਹੀ ਰਿਹਾ, ਕਿਉਂਕਿ ਸਾਰਾ ਇਲਾਕਾ ਹੀ ਦੁਸ਼ਮਣਾਂ ਨੇ ਘੇਰੇ ਵਿੱਚ ਲੈ ਰੱਖਿਆ ਸੀ।
9.30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ, 600 ਦੇ ਕਰੀਬ ਕਬਾਇਲੀ ਤੇ ਗੜ੍ਹੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਨ। ਗੋਲੀ ਸਿੱਕਾ ਵੀ ਕਿਨਾਰੇ ‘ਤੇ ਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਸਨ। ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਧ ‘ਚ ਪਾੜ ਪਾ ਲਿਆ। ਪਰ ਸਿੱਖ ਫੌਜੀਆਂ ਨੇ ਦੁਸ਼ਮਣ ਨੂੰ ਅੰਦਰ ਨਾ ਆਉਣ ਦਿੱਤਾ। ਦੁਸ਼ਮਣ ਨੇ ਤਰਕੀਬ ਘੜੀ ਤੇ ਆਸੇ-ਪਾਸੇ ਘਾਹ-ਫੂਸ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ। ਅੰਦਰੋਂ ਫੌਜੀ ਸਿਰਫ ਬੋਨਟਾਂ ਨਾਲ ਹੀ ਲੜ ਰਹੇ ਸਨ। 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ। ਇਕੱਲਾ ਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ। ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ। ਸੋ ਉਸ ਨੇ ਸਿਗਨਲ ਬੰਦ ਕਰਕੇ ਜੈਕਾਰਾ ਲਗਾਇਆ ਤੇ ਬੰਦੂਕ ਦੀ ਬੋਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। ਅਖੀਰ ਦੁਸ਼ਮਣ ਨੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਸਿੱਖ ਭਾਰਤੀ  ਫੌਜੀਆਂ ਨੇ ਦੁਸ਼ਮਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸੀ ਕਿ ਏਨੀ ਘੱਟ-ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ ‘ਚ ਦਮ ਕਰ ਰੱਖਿਆ। ਉਹ ਉਨ੍ਹਾਂ ਦੀ ਬਹਾਦਰੀ ਦਾ ਕਾਇਲ ਵੀ ਹੋਇਆ।

#biggest battle in world history no 2
#biggest battle in world 

Comments